ਤਿੰਨ ਤਖ਼ਤਾਂ ਦੇ ਜਥੇਦਾਰਾਂ ਦੀ ਬਦਲੀ: ਸ਼੍ਰੋਮਣੀ ਕਮੇਟੀ ਦਬਾਅ 'ਚ
ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾਉਣ ਅਤੇ ਨਵੇਂ ਜਥੇਦਾਰ ਥਾਪਣ ਦੇ ਮਾਮਲੇ ਨੇ ਸ਼੍ਰੋਮਣੀ ਕਮੇਟੀ ਨੂੰ ਵਿਵਾਦਾਂ 'ਚ ਘੇਰ ਲਿਆ ਹੈ। ਨਿਹੰਗ ਸਿੰਘ ਜਥੇਬੰਦੀਆਂ ਵਲੋਂ ਵਿਰੋਧ ਹੋਣ ਤੋਂ ਬਾਅਦ ਹੁਣ ਦਮਦਮੀ ਟਕਸਾਲ ਵੀ ਖੁੱਲ੍ਹ ਕੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਖ਼ਿਲਾਫ ਆ ਗਈ ਹੈ। ਇਸੇ ਦੇ ਨਾਲ, ਦੇਸ਼-ਵਿਦੇਸ਼ ਦੀਆਂ ਕਈ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅਗਲੇ ਕੁਝ ਦਿਨਾਂ 'ਚ ਇਹ ਮਾਮਲਾ ਹੋਰ ਗੰਭੀਰ ਹੋਣ ਦੇ ਆਸਾਰ ਨੇ।
ਦਮਦਮੀ ਟਕਸਾਲ ਵਲੋਂ 14 ਮਾਰਚ ਨੂੰ ਵੱਡਾ ਇਕੱਠ
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਪੰਥਕ ਮਰਯਾਦਾ ਦੀ ਉਲੰਘਣਾ ਦੇ ਖ਼ਿਲਾਫ 14 ਮਾਰਚ ਨੂੰ ਸਿੱਖ ਸੰਗਤ ਦਾ ਵੱਡਾ ਇਕੱਠ ਕੀਤਾ ਜਾਵੇਗਾ। ਇਹ ਇਕੱਠ ਦਮਦਮੀ ਟਕਸਾਲ ਦੇ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਸ਼੍ਰੀ ਅਨੰਦਪੁਰ ਸਾਹਿਬ) ਵਿਖੇ ਹੋਵੇਗਾ। ਉਨ੍ਹਾਂ ਸਮੂਹ ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਸਥਾਵਾਂ ਅਤੇ ਪੂਰੇ ਪੰਥ ਨੂੰ ਇਸ ਇਕੱਠ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਬਾਬਾ ਹਰਨਾਮ ਸਿੰਘ ਦਾ ਸੰਦੇਸ਼
ਇੱਕ ਵੀਡੀਓ ਸੰਦੇਸ਼ ਰਾਹੀਂ, ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਫ਼ੈਸਲੇ ਮਨਮਰਜ਼ੀ ਅਤੇ ਬਿਨਾਂ ਕਿਸੇ ਪੰਥਕ ਰਾਜ਼ੀ-ਮਨਜ਼ੂਰੀ ਤੋਂ ਕੀਤੇ ਗਏ ਹਨ। ਉਨ੍ਹਾਂ ਇਸ ਨੂੰ ਸਿੱਖ ਮਰਯਾਦਾ ਅਤੇ ਤਖ਼ਤਾਂ ਦੀ ਬੇਅਦਬੀ ਕਰਾਰ ਦਿੱਤਾ।
ਸ਼੍ਰੋਮਣੀ ਕਮੇਟੀ 'ਤੇ ਗੰਭੀਰ ਦੋਸ਼
ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਲੋਂ ਤਖ਼ਤਾਂ ਦੇ ਜਥੇਦਾਰ ਬਦਲਣ ਦੇ ਫ਼ੈਸਲੇ ਨੂੰ ਜ਼ਬਰਦਸਤੀ ਕੀਤਾ ਗਇਆ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿੱਖ ਸਿਧਾਂਤਾ ਅਤੇ ਤਖ਼ਤ ਸਹਿਬਾਨਾਂ ਦੀ ਅਹਿਮੀਅਤ ਨੂੰ ਢਾਹ ਰਹਾ ਹੈ। ਉਨ੍ਹਾਂ ਇਸ਼ਾਰਿਆਂ-ਇਸ਼ਾਰਿਆਂ 'ਚ ਕਿਹਾ ਕਿ ਕੁਝ ਲੋਕ ਆਪਣੀ ਖ਼ੁਦਗਰਜ਼ੀ ਅਤੇ ਹਉਮੈ ਦੇ ਕਾਰਨ ਪੰਥਕ ਮਰਯਾਦਾ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਹੋਰ ਜਥੇਬੰਦੀਆਂ ਵੀ ਵਿਰੋਧ 'ਚ
ਦਮਦਮੀ ਟਕਸਾਲ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਕਈ ਥਾਵਾਂ 'ਤੇ ਸ਼੍ਰੋਮਣੀ ਕਮੇਟੀ ਦੇ ਖ਼ਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਬੀਤੇ ਦਿਨ, ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਵੀ ਦੋਸ਼ ਲਾਇਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਦੀ ਸੇਵਾ ਸੰਭਾਲ ਸਮੇਂ ਮਰਯਾਦਾ ਦੀ ਉਲੰਘਣਾ ਹੋਈ ਹੈ।
No comments:
Post a Comment